ਬਠਿੰਡਾ : ਸਥਾਨਕ ਕੇਂਦਰੀ ਜੇਲ ਵਿਚ ਨਸ਼ਾ ਤੱਸਕਰੀ ਮਾਮਲੇ 'ਚ ਸਜ਼ਾ ਕੱਟ ਰਹੇ ਇੱਕ ਹਵਾਲਾਤੀ ਦੀ ਬੀਮਾਰੀ ਕਾਰਨ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਹਵਾਲਾਤੀ ਦੀ ਪਛਾਣ ਬਲਵਿੰਦਰ ਸਿੰਘ (38) ਪੁੱਤਰ ਜਗਤਾਰ ਸਿੰਘ ਵਾਸੀ ਫ਼ਾਜ਼ਿਲਕਾ ਵਜੋਂ ਹੋਈ। ਪਤਾ ਲੱਗਿਆ ਕਿ ਮ੍ਰਿਤਕ ਹਵਾਲਾਤੀ ਗੁਰਦੇ ਦੀ ਬਿਮਾਰੀ ਨਾਲ ਪੀੜਤ ਸੀ, ਜਿਸਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਜੇਲ ਅਧਿਕਾਰੀਆਂ ਮੁਤਾਬਕ ਉਸਦਾ ਇਲਾਜ ਦੌਰਾਨ ਹੀ ਦੌਰਾ ਪੈਣ ਕਾਰਨ ਮੌਤ ਹੋ ਗਈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਿਦਾਇਤਾਂ 'ਤੇ ਅੱਜ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਦੇਖਰੇਖ ਵਿਚ ਸਿਵਲ ਹਸਪਤਾਲ ਦੇ ਤਿੰਨ ਡਾਕਟਰਾਂ ਦੇ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਵਾਰ ਮੈਂਬਰਾਂ ਹਵਾਲੇ ਕਰ ਦਿਤਾ ਹੈ। ਮਾਮਲੇ ਦੀ ਪੜਤਾਲ ਕਰ ਰਹੇ ਥਾਣਾ ਕੈਂਟ ਦੇ ASIਬਿੰਦਰ ਸਿੰਘ ਨੇ ਦਸਿਆ ਕਿ ਹਵਾਲਾਤੀ ਬਲਵਿੰਦਰ ਸਿੰਘ ਨੂੰ ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਕਰੀਬ ਇਕ ਸਾਲ ਪਹਿਲਾ ਨਸ਼ਾ ਤਸਕਰੀ ਕਰਨ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਸੀ। ਜਿਸਤੋਂ ਬਾਅਦ ਬਠਿੰਡਾ ਜੇਲ ਵਿਚ ਬੰਦ ਸੀ। ਉਨ੍ਹਾਂ ਦਸਿਆ ਕਿ ਹਵਾਲਾਤੀ ਗੁਰਦੇ ਦੀ ਬੀਮਾਰੀ ਨਾਲ ਪੀੜਤ ਸੀ, ਜਿਸਦਾ ਇਲਾਜ ਚਲ ਰਿਹਾ ਸੀ। ਬੀਤੀ ਬੁਧਵਾਰ ਨੂੰ ਉਸਦੀ ਹਾਲਤ ਖ਼ਰਾਬ ਹੋਣ 'ਤੇ ਸਿਵਲ ਹਸਪਤਾਲ ਬਠਿੰਡਾ ਵਿਚ ਦਾਖ਼ਲ ਕਰਵਾਇਆ ਗਿਆ ਸੀ। ਜਿਥੇ ਉਸਦੀ ਮੌਤ ਹੋ ਗਈ।